ਅੰਤਰ-ਰਾਸ਼ਟਰੀ

26 ਵਰ੍ਹੇ ਪਹਿਲਾਂ 15 ਸਾਲਾ ਹਰਪਾਲ ਸਿੰਘ ਨੂੰ ਝੂਠੇ ਪੁਲਿਸ ਮੁਕਾਬਲੇ `ਚ ਮਾਰਨ ਵਾਲੇ ਦੋਸ਼ੀਆਂ ਨੂੰ ਉਮਰ ਕੈਦ…

26 ਵਰ੍ਹੇ ਪਹਿਲਾਂ 18 ਸਤੰਬਰ, 1992 ਨੂੰ 15 ਸਾਲਾ ਲੜਕੇ ਹਰਪਾਲ ਸਿੰਘ ਨੂੰ ਝੂਠੇ ਪੁਲਿਸ ਮੁਕਾਬਲੇ `ਚ ਮਾਰਨ ਵਾਲੇ ਦੋਸ਼ੀਆਂ ਨੂੰ ਮੋਹਾਲੀ ਦੀ ਇੱਕ

26 ਵਰ੍ਹੇ ਪਹਿਲਾਂ 18 ਸਤੰਬਰ, 1992 ਨੂੰ 15 ਸਾਲਾ ਲੜਕੇ ਹਰਪਾਲ ਸਿੰਘ ਨੂੰ ਝੂਠੇ ਪੁਲਿਸ ਮੁਕਾਬਲੇ `ਚ ਮਾਰਨ ਵਾਲੇ ਦੋਸ਼ੀਆਂ ਨੂੰ ਮੋਹਾਲੀ ਦੀ ਇੱਕ ਅਦਾਲਤ ਨੇ ਅੱਜ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ। ਹਰਪਾਲ ਸਿੰਘ ਨੂੰ ਝੂਠਾ ਮੁਕਾਬਲਾ ਵਿਖਾ ਕੇ ਅੰਮ੍ਰਿਤਸਰ ਤੋਂ 40 ਕਿਲੋਮੀਟਰ ਦੂਰ ਪਿੰਡ ਨਿੱਝਰ `ਚ ਮਾਰਿਆ ਗਿਆ ਸੀ। ਜਿਹੜੇ ਦੋਸ਼ੀਆਂ ਨੂੰ ਅੱਜ ਸਜ਼ਾ ਸੁਣਾਈ ਗਈ ਹੈ, ਉਨ੍ਹਾਂ `ਚ ਉਦੋਂ ਦਾ ਬਿਆਸ ਥਾਣੇ ਦਾ ਐੱਸਐੱਚਓ ਰਘਬੀਰ ਸਿੰਘ (81) ਵੀ ਸ਼ਾਮਲ ਹੈ; ਜੋ ਇੰਸਪੈਕਟਰ ਦੇ ਅਹੁਦੇ `ਤੇ ਸੇਵਾ-ਮੁਕਤ ਹੋਇਆ ਸੀ। ਉਸ ਦੇ ਨਾਲ ਸਾਬਕਾ ਸਬ-ਇੰਸਪੈਕਟਰ ਦਾਰਾ ਸਿੰਘ (78) ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।

ਵਧੀਕ ਜਿ਼ਲ੍ਹਾ ਤੇ ਸੈਸ਼ਨਜ਼ ਜੱਜ ਐੱਨਐੱਸ ਗਿੱਲ ਨੇ ਇਹ ਸਜ਼ਾ ਸੁਣਾਈ।

ਚਾਰ ਹੋਰ ਪੁਲਿਸ ਮੁਲਾਜ਼ਮ ਵੀ ਇਸ ਮਾਮਲੇ `ਚ ਸੁਣਵਾਈ ਦਾ ਸਾਹਮਣਾ ਕਰਦੇ ਰਹੇ ਹਨ। ਮੁੱਖ ਮੁਲਜ਼ਮ ਸਬ-ਇੰਸਪੈਕਟਰ ਰਾਮ ਲੁਭਾਇਆ ਸੀ, ਜਿਹੜਾ ਅੰਮ੍ਰਿਤਸਰ ਜਿ਼ਲ੍ਹੇ ਦੇ ਪਿੰਡ ਪੱਲਾ `ਚ ਰਹਿੰਦੇ ਪੀੜਤ ਹਰਪਾਲ ਸਿੰਘ ਨੂੰ 14 ਸਤੰਬਰ, 1992 ਨੂੰ ਘਰੋਂ ਚੁੱਕ ਕੇ ਲੈ ਗਿਆ ਸੀ ਤੇ ਉਸ ਵਿਚਾਰੇ ਨੂੰ ਉਸ ਦੇ ਪਿੰਡ ਤੋਂ 8 ਕਿਲੋਮੀਟਰ ਦੂਰ ਲਿਜਾ ਕੇ ਝੂਠੇ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ ਸੀ। ਪਰ ਰਾਮ ਲੁਭਾਇਆ ਦਾ ਹੁਣ ਦੇਹਾਂਤ ਹੋ ਚੁੱਕਾ ਹੈ। ਉਸ `ਤੇ ਹੋਰ ਵੀ ਅਜਿਹੇ ਮਾਮਲੇ ਪਏ ਹੋਏ ਸਨ। ਤਿੰਨ ਪੁਲਿਸ ਮੁਲਾਜ਼ਮਾਂ ਨਿਰਮਲਜੀਤ ਸਿੰਘ, ਜਸਬੀਰ ਸਿੰਘ ਤੇ ਪਰਮਜੀਤ ਸਿੰਘ ਨੂੰ ਬਰੀ ਕਰ ਦਿੱਤਾ ਗਿਆ ਹੈ।

ਅਦਾਲਤ ਨੇ ਹਰੇਕ ਦੋਸ਼ੀ ਨੂੰ 61-61 ਹਜ਼ਾਰ ਰੁਪਏ ਜੁਰਮਾਨਾ ਵੀ ਕੀਤਾ ਹੈ ਅਤੇ ਇੱਕ ਲੱਖ ਰੁਪਏ ਮੁਆਵਜ਼ੇ ਦੇ ਤੌਰ `ਤੇ ਮ੍ਰਿਤਕ ਹਰਪਾਲ ਸਿੰਘ ਦੀ ਵਿਧਵਾ ਮਾਂ ਬਲਵਿੰਦਰ ਕੌਰ ਨੂੰ ਦਿੱਤੇ ਜਾਣਗੇ; ਜੋ ਇਸ ਮਾਮਲੇ `ਚ ਸਿ਼ਕਾਇਤਕਰਤਾ ਸੀ।
ਸਾਬਕਾ ਸਬ-ਇੰਸਪੈਕਟਰ ਦਾਰਾ ਸਿੰਘ (78) ਤੇ ਉਦੋਂ ਦੇ ਬਿਆਸ ਥਾਣੇ ਦੇ ਐੱਸਐੱਚਓ ਰਘਬੀਰ ਸਿੰਘ (81) ਨੂੰ ਉਮਰ ਕੈਦ ਦੀ ਸਜ਼ਾ

ਪੁਲਿਸ ਨੇ ਦਾਅਵਾ ਕੀਤਾ ਸੀ ਕਿ ‘‘ਨਿੱਝਰ ਪਿੰਡ ਵਿੱਚ ਦੋ ਲੜਕਿਆਂ ਹਰਪਾਲ ਸਿੰਘ ਤੇ ਹਰਜੀਤ ਸਿੰਘ ਨੇ ਪੁਲਿਸ ਦੀ ਇੱਕ ਗਸ਼ਤੀ ਟੋਲੀ `ਤੇ ਹਮਲਾ ਕੀਤਾ ਸੀ ਤੇ ਉਸ ਟੋਲੀ ਵਿੰਚ ਸੀਆਰਪੀਐੱਫ਼ ਦੇ ਜਵਾਨ ਵੀ ਸਨ। ਪੁਲਿਸ ਨੇ ਪੂਰਾ ਝੂਠਾ ਦ੍ਰਿਸ਼ ਬਿਆਨਦਿਆਂ ਦੱਸਿਆ ਸੀ ਕਿ ਪਿੰਡ ਨਿੱਝਰ ਵਿੱਚ ਪੂਰੇ 20 ਮਿੰਟ ਮੁਕਾਬਲਾ ਚੱਲਿਆ; ਦੋਵੇਂ ਪਾਸਿਓਂ ਗੋਲੀਆਂ ਚੱਲਦੀਆਂ ਰਹੀਆਂ। ਦੋਵੇਂ ਕਥਿਤ ਹਮਲਾਵਰ ਲੜਕਿਆਂ ਨੇ 217 ਗੋਲੀਆਂ ਚਲਾਈਆਂ। ਮੁਕਾਬਲੇ ਦੌਰਾਨ ਹਰਪਾਲ ਸਿੰਘ ਮ੍ਰਿਤਕ ਪਾਇਆ ਗਿਆ, ਜਦ ਕਿ ਦੂਜਾ ਲੜਕਾ ਉੱਥੋਂ ਨੱਸਣ ਵਿੱਚ ਕਾਮਯਾਬ ਹੋ ਗਿਆ।“

ਹਰਪਾਲ ਸਿੰਘ ਦੀ ਮਾਂ ਬੀਬੀ ਬਲਵਿੰਦਰ ਕੌਰ ਦੇ ਵਕੀਲ ਸਤਨਾਮ ਸਿੰਘ ਬੈਂਸ ਨੇ ਪੁਲਿਸ ਦੀ ‘ਇਸ ਝੂਠੀ ਕਹਾਣੀ ਦੀ ਪੋਲ ਖੋਲ੍ਹਦਿਆਂ` ਅਦਾਲਤ ਨੂੰ ਦੱਸਿਆ,‘‘ਪੁਲਿਸ ਦੀ ਟੋਲੀ ਨੇ 217 ਕਾਰਤੂਸਾਂ ਵਿੱਚੋਂ ਇੱਕ ਵੀ ਘਟਨਾ ਸਥਾਨ `ਤੋਂ ਨਹੀਂ ਚੁੱਕਿਆ ਤੇ ਨਾ ਹੀ ਅਜਿਹਾ ਕੁਝ ਮਾਲਖਾਨੇ `ਚ ਜਮ੍ਹਾ ਕਰਵਾਇਆ ਗਿਆ। ਕਿਸੇ ਪੁਲਿਸ ਅਧਿਕਾਰੀ ਦੇ ਉਸ ਅਖੌਤੀ ਗਹਿਗੱਚ ਮੁਕਾਬਲੇ ਦੌਰਾਨ ਕੋਈ ਗੋਲੀ ਜਾਂ ਛੱਰਾ ਤੱਕ ਨਹੀਂ ਲੱਗਾ। ਮੌਕੇ `ਤੇ ਖੜ੍ਹੇ ਉਨ੍ਹਾਂ ਦੇ ਕਿਸੇ ਵਾਾਹਨ `ਤੇ ਗੋਲੀ ਦਾ ਕੋਈ ਨਿਸ਼ਾਨ ਪਾਇਆ ਗਿਆ।“

ਵਕੀਲ ਨੇ ਅਦਾਲਤ ਨੂੰ ਦੱਸਿਆ,‘ਪੁਲਿਸ ਨੇ ਹਰਪਾਲ ਨੂੰ ਮਾਰਨ ਤੋਂ ਬਾਅਦ ਮੁਕਾਬਲੇ ਦੀ ਕਹਾਣੀ ਘੜੀ। ਦੂਜੇ ਮੁੰਡੇ, ਹਰਜੀਤ ਸਿੰਘ, ਜਿਸ ਨੂੰ ਬਾਅਦ `ਚ ਲੱਭ ਲਿਆ ਗਿਆ ਵਿਖਾਇਆ ਗਿਆ ਤੇ ਉਸ ਨੇ ਮੁਕਾਬਲੇ ਵਾਲੀ ਥਾਂ `ਤੇ ਮੌਜੂਦ ਹੋਣ ਦਾ ਇਕਬਾਲ ਪੁਲਿਸ ਸਾਹਵੇਂ ਕੀਤਾ ਦਰਸਾਇਆ ਗਿਆ; ਨੂੰ ਵੀ 15 ਦਿਨਾਂ ਬਾਅਦ ਮਾਰ ਦਿੱਤਾ ਗਿਆ ਸੀ। ਹਰਪਾਲ ਸਿੰਘ ਦੀ ਮ੍ਰਿਤਕ ਦੇਹ ਦਾ ਗ਼ੈਰ-ਕਾਨੂੰਨੀ ਤਰੀਕੇ ਨਾਲ ਅਣਪਛਾਤਾ ਤੇ ਲਾਵਾਰਸ ਵਿਖਾ ਕੇ ਅੰਤਿਮ ਸਸਕਾਰ ਕਰ ਦਿੱਤਾ ਗਿਆ। ਪੋਸਟ-ਮਾਰਟਮ ਰਿਪੋਰਟ ਮੁਤਾਬਕ ਹਰਪਾਲ ਸਿੰਘ ਦੀ ਸੱਜੀ ਅੱਖ ਤੇ ਮੱਥੇ ਵਿੱਚ ਗੋਲੀਆਂ ਸਿਰਫ਼ 3 ਮੀਟਰ ਦੀ ਦੂਰੀ ਤੋਂ ਮਾਰੀਆਂ ਗਈਆਂ।`

ਅੱਜ ਦੇ ਅਦਾਲਤੀ ਫ਼ੈਸਲੇ `ਤੇ ਪ੍ਰਤੀਕਰਮ ਪ੍ਰਗਟਾਉਂਦਿਆਂ ਰਘਬੀਰ ਸਿੰਘ ਨੇ ਕਿਹਾ,‘ਸਾਨੂੰ ਐਂਵੇਂ ਝੂਠਾ ਹੀ ਫਸਾਇਆ ਗਿਆ ਹੈ। ਅਸੀਂ ਸਾਰੀ ਉਮਰ ਸੇਵਾ ਕੀਤੀ ਤੇ ਅਸੀਂ ਅਜਿਹੇ ਵਿਵਹਾਰ ਦੇ ਹੱਕਦਾਰ ਨਹੀਂ।`

ਬਲਵਿੰਦਰ ਕੌਰ ਨੇ ਅੰਮ੍ਰਿਤਸਰ ਤੋਂ ਫ਼ੋਨ `ਤੇ ‘ਹਿੰਦੁਸਤਾਨ ਟਾਈਮਜ਼` ਨਾਲ ਗੱਲਬਾਤ ਦੌਰਾਨ ਆਖਿਆ,‘ਵਾਹਿਗੁਰੂ ਨੇ ਉਨ੍ਹਾਂ ਨੂੰ ਸਜ਼ਾ ਦੇ ਦਿੱਤੀ ਹੈ। ਉਹ ਮੇਰਾ ਇਕਲੌਤਾ ਪੁੱਤਰ ਸੀ ਤੇ ਉਨ੍ਹਾਂ ਨੇ ਉਹਨੂੰ ਵੀ ਨਹੀਂ ਛੱਡਿਆ। ਇਨਸਾਫ਼ ਭਾਵੇਂ ਕੁਝ ਦੇਰੀ ਨਾਲ ਮਿਲਿਆ ਪਰ ਮਿਲਿਆ ਜ਼ਰੂਰ।

Show More

Related Articles

Leave a Reply

Your email address will not be published. Required fields are marked *

error: Content is protected !!
Close
www.000webhost.com